ਅਕਾਲੀ ਦਲ ਨੇ ਬਠਿੰਡਾ ‘ਚ ਬਰਗਾੜੀ ਨੂੰ ਠੱਲ੍ਹਣ ਲਈ ਚੁੱਕਿਆ ਚੁਰਾਸੀ ਵਾਲਾ ਹਥਿਆਰ

ਚੁਰਾਸੀ ਦੇ ਮੁੱਦੇ ‘ਤੇ ਘਿਰਦੀ ਰਹਿਣ ਵਾਲੀ ਕਾਂਗਰਸ ਵੀ ਇਸ ਵਾਰ ਅਕਾਲੀ ਦਲ ਨੂੰ ਬੇਅਦਬੀ ਵਾਲੇ ਮਾਮਲੇ ‘ਤੇ ਖ਼ੂਬ ਘੇਰ ਰਹੀ ਹੈ। ਬੇਸ਼ੱਕ ਇਹ ਦੋਵੇਂ ਮੁੱਦੇ ਪੰਜਾਬ ਦੀ ਸਿਆਸਤ ਵਿੱਚ ਛਾਏ ਹੋਏ ਹਨ, ਪਰ ਹੌਟ ਸੀਟ ਬਠਿੰਡਾ ‘ਤੇ ਇਹ ਦੋਵੇਂ ਮੁੱਦੇ ਕੁਝ ਜ਼ਿਆਦਾ ਹੀ ਛਾਏ ਹੋਏ ਹਨ। ਬੇਅਦਬੀਆਂ ਕਾਰਨ ਬੈਕਫੁੱਟ ‘ਤੇ ਧੱਕਿਆ ਹੋਇਆ ਅਕਾਲੀ ਦਲ ਹੁਣ ਕਾਂਗਰਸ ਨੂੰ ਚੁਰਾਸੀ ਸਿੱਖ ਕਤਲੇਆਮ ‘ਤੇ ਘੇਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਚੋਣਾਂ ਦੌਰਾਨ ਜਿੱਥੇ ਸਿੱਖ ਜਥੇਬੰਦੀਆਂ ਅਕਾਲੀ-ਭਾਜਪਾ ਨੂੰ ਵੋਟ ਨਾ ਪਾਉਣ ਦੀ ਅਪੀਲ ਕਰ ਰਹੀਆਂ ਹਨ, ਉੱਥੇ ਹੀ ਹੁਣ ਅਕਾਲੀ ਦਲ ਨੇ 1984 ਸਿੱਖ ਕਤਲੇਆਮ ਦੀ ਪੀੜਤ ਜਗਦੀਸ਼ ਕੌਰ ਨੂੰ ਸਾਹਮਣੇ ਲਿਆਂਦਾ ਹੈ।

ਜਗਦੀਸ਼ ਕੌਰ ਲੋਕਾਂ ਨੂੰ ਕਾਂਗਰਸ ਨੂੰ ਵੋਟਾਂ ਨਾ ਪਾਉਣ ਲਈ ਅਪੀਲ ਕਰ ਰਹੇ ਹਨ। ਇਸ ਤੋਂ ਪਹਿਲਾਂ ਕਾਂਗਰਸ ਦੀ ਜਨਰਲ ਸਕੱਤਰ ਤੇ ਰਾਹੁਲ ਗਾਂਧੀ ਦੀ ਭੈਣ ਪ੍ਰਿਅੰਕਾ ਗਾਂਧੀ ਨੇ ਕਿਹਾ ਸੀ ਕਿ ਜਿਨ੍ਹਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰਾਹੀਂ ਪੰਜਾਬ ਦੀ ਆਤਮਾ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਉੱਧਰ, ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਪਲਟਵਾਰ ਕਰਦਿਆਂ ਕਿਹਾ ਕਿ ਪ੍ਰਿਅੰਕਾ ਨੇ ਸਾਕਾ ਨੀਲਾ ਤਾਰਾ ਤੇ ਸਿੱਖ ਕਤਲੇਆਮ ਲਈ ਮੁਆਫ਼ੀ ਨਾ ਮੰਗ ਸਿੱਖਾਂ ਦੇ ਅੱਲੇ ਜ਼ਖ਼ਮਾਂ ‘ਤੇ ਲੂਣ ਭੁੱਕਿਆ ਹੈ।

ਇਸ ਤੋਂ ਪਹਿਲਾਂ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੀ ਬਰਗਾੜੀ ਵਿਖੇ ਰੈਲੀ ਕਰ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਵਚਨਬੱਧਤਾ ਦਰਸਾਈ ਸੀ। ਹੁਣ ਅਕਾਲੀ ਦਲ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਬਾਲੀਵੁੱਡ ਸਟਾਰ ਹੇਮਾ ਮਾਲਿਨੀ ਤੇ ਸੰਨੀ ਦਿਓਲ ਤੋਂ ਹਰਸਿਮਰਤ ਬਾਦਲ ਦੇ ਹੱਕ ਵਿੱਚ ਰੋਡ ਸ਼ੋਅ ਕਰਵਾਏ।

ਉੱਧਰੋਂ, ਕਾਂਗਰਸ ਨੇ ਆਪਣੀ ‘ਜ਼ੁਬਾਨੀ ਤੋਪ’ ਨਵਜੋਤ ਸਿੰਘ ਸਿੱਧੂ ਨੂੰ ਬਠਿੰਡਾ ਦੇ ਪਿੜ ਵਿੱਚ ਉਤਾਰ ਦਿੱਤਾ ਹੈ। ਪੰਜਾਬ ਦੇ ਮੁੱਦਿਆਂ ਤੋਂ ਅਣਜਾਣ ਸੰਨੀ ਦਿਓਲ ਤੇ ਹੇਮਾ ਮਾਲਿਨੀ ਨੇ ਜਿੱਥੇ ਆਪਣੇ ਸਟਾਰਡਮ ਕਾਰਨ ਵੋਟਰਾਂ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ। ਉੱਥੇ ਨਵਜੋਤ ਸਿੱਧੂ ਨੇ ਵੀ ਆਪਣੀ ਤਿੱਖੀ ਸ਼ਬਦਾਵਲੀ ਨਾਲ ਬੇਅਦਬੀਆਂ ‘ਤੇ ਅਕਾਲੀ ਸਰਕਾਰ ਨੂੰ ਖ਼ੂਬ ਘੇਰਿਆ।

Leave a Reply

Your email address will not be published. Required fields are marked *