ਦਰਿਆ ਵਿੱਚ ਪਿਆ ਪਾੜ, ਤੇਜ਼ੀ ਨਾਲ ਆ ਰਿਹਾ ਇਨ੍ਹਾਂ ਇਲਾਕਿਆਂ ਵਿੱਚ ਪਾਣੀ

ਸੰਗਰੂਰ ਜ਼ਿਲ੍ਹੇ ਦੀ ਹਰਿਆਣਾ ਨਾਲ ਲੱਗਦੀ ਸਰਹੱਦ ਨੇੜਿਓਂ ਵਹਿੰਦੇ ਘੱਗਰ ਦਰਿਆ ‘ਚ ਵੱਡਾ ਪਾੜ ਪੈਣ ਦੀ ਖ਼ਬਰ ਹੈ। ਬਰਸਾਤ ਦੇ ਮੌਸਮ ਦੌਰਾਨ ਘੱਗਰ ਦਰਿਆ ਖ਼ਤਰੇ ਦੇ ਨਿਸ਼ਾਨ ਤਕ ਪਹੁੰਚਿਆ ਹੋਇਆ ਸੀ ਤੇ ਅੱਜ ਸਵੇਰੇ ਪਿੰਡ ਫੂਲ ਨੇੜੇ ਦਰਿਆ ਵਿੱਚ ਵੱਡਾ ਪਾੜ ਪੈ ਗਿਆ। ਲੋਕ ਆਪਣੇ ਪੱਧਰ ‘ਤੇ ਹੀ ਪਾੜ ਨੂੰ ਪੂਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਪਾੜ ਪੂਰਿਆ ਨਹੀਂ ਜਾ ਰਿਹਾ। ਪਾੜ ਪੈਣ ਤੋਂ ਕਾਫੀ ਸਮੇਂ ਬਾਅਦ ਪ੍ਰਸ਼ਾਸਨ ਵੀ ਸਾਜ਼ੋ-ਸਮਾਨ ਲੈ ਕੇ ਪਹੁੰਚ ਗਿਆ ਹੈ।ਪਿੰਡ ਵਾਸੀਆਂ ਤੇ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਘੱਗਰ ਦਰਿਆ ਦਾ ਪੱਕਾ ਹੱਲ ਕਰੇ। ਹਰ ਸਾਲ ਮੀਂਹਾਂ ਦੇ ਮੌਸਮ ਵਿੱਚ ਘੱਗਰ ਦਰਿਆ ਦਾ ਪਾਣੀ ਤਬਾਹੀ ਮਚਾਉਂਦਾ ਹੈਹਰ ਸਾਲ ਉਨ੍ਹਾਂ ਦੀ ਹਜ਼ਾਰਾਂ ਏਕੜ ਫ਼ਸਲ ਬਰਬਾਦ ਹੋ ਜਾਂਦੀ ਹੈ। ਉਨ੍ਹਾਂ ਆਪਣੀਆਂ ਫ਼ਸਲਾਂ ਖਰਾਬ ਹੋ ਜਾਣ ਕਾਰਨ ਮੁਆਵਜ਼ੇ ਦੀ ਮੰਗ ਵੀ ਕੀਤੀ ਹੈ। ਪਾਣੀ ਦੇ ਤੇਜ਼ ਵਹਾਅ ਕਾਰਨ ਆਲੇ ਦੁਆਲੇ ਦੇ ਕਈ ਪਿੰਡ ਪਾਣੀ ਦੀ ਲਪੇਟ ਵਿੱਚ ਆ ਗਏ ਹਨ। ਖੇਤਾਂ ਤੋਂ ਲੈ ਕੇ ਘਰਾਂ ਵਿੱਚ ਪਾਣੀ ਭਰ ਗਿਆ ਹੈ।ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਭਾਰੀ ਬਾਰਿਸ਼ਾਂ ਨੂੰ ਮੱਦੇਨਜ਼ਰ ਰੱਖਦਿਆਂ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਸੰਭਾਵੀ ਖ਼ਤਰਿਆਂ ਨਾਲ ਨਿਪਟਣ ਲਈ ਪੁਖਤਾ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ ਸਨ। ਸੰਗਰੂਰ ਦੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵਲੋਂ ਇਕ ਪੱਤਰ ਭੇਜ ਕੇ ਕਮਾਂਡੈਂਟ 7 ਬਟਾਲੀਅਨ ਐੱਨ. ਡੀ. ਆਰ. ਐੱਫ. ਬਠਿੰਡਾ ਅਤੇ ਕਮਾਂਡੈਂਟ 80 ਐੱਸ. ਡੀ. ਆਰ. ਐਫ.ਜਲੰਧਰ ਤੋਂ ਹੜਾਂ ਦੇ ਸੰਦਰਭ ‘ਚ ਮਦਦ ਮੰਗੀ ਗਈ ਹੈ।ਪਿਛਲੇ ਦਿਨਾਂ ਤੋਂ ਸੂਬੇ ਅੰਦਰ ਪੈ ਰਹੀ ਭਾਰੀ ਬਰਸਾਤਕਾਰਨ ਜ਼ਿਲਾ ਸੰਗਰੂਰ ਦੇ ਖਨੋਰੀ ਅਤੇ ਮੂਣਕ ਦੇ ਇਲਾਕਿਆਂ ‘ਚੋਂ ਲੰਘਣ ਵਾਲੇ ਘੱਗਰ ਦਰਿਆ ਦਾ ਜਲ ਪੱਧਰ ਖ਼ਤਰੇ ਦੇ ਨਿਸ਼ਾਨ ‘ਤੇ ਪੁੱਜਣ ਨਾਲ ਜ਼ਿਲੇ ਦੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਅਗਾਉਂ ਪ੍ਰਬੰਧ ਕਰਦਿਆਂ ਫੌਜ ਤੋਂ ਮਦਦ ਮੰਗੀ ਹੈ। ਦੱਸਣਯੋਗ ਹੈ ਜ਼ਿਲ੍ਹਾ ਸੰਗਰੂਰ ਅੰਦਰ ਘੱਗਰ ਨਦੀ ਸਭ ਤੋਂ ਵੱਧ ਮਾਰ ਪਿੰਡ ਮਕਰੋੜ ਤੋਂ ਲੈ ਕੇ ਪਿੰਡ ਕੜੈਲ ਤੱਕ ਦੇ 17 ਕਿਲੋਮੀਟਰ ਦੇ ਘੇਰੇ ‘ਚੋਂ ਲੰਘਦਾ ਹੈ ਅਤੇ ਕਾਫੀ ਤਬਾਹੀ ਮਚਾਉਂਦਾ ਹੈ। ਬੀਤੇ ਦਿਨੀਂ ਡਿਪਟੀ ਕਮਿਸ਼ਨਰ ਥੋਰੀ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਘੱਗਰ ਦਰਿਆ ਨੇੜਲੀਆਂ ਸੰਵੇਦਨਸ਼ੀਲ ਥਾਵਾਂ ਦਾ ਦੌਰਾ ਕੀਤਾ ਸੀ।

Leave a Reply

Your email address will not be published. Required fields are marked *