ਪੰਜਾਬ ‘ਚ ਚੱਪੇ-ਚੱਪੇ ਤੇ ਹੋਈ ਫ਼ੌਜ ਤਾਇਨਾਤ

ਜੰਮੂ-ਕਸ਼ਮੀਰ ‘ਚ ਧਾਰਾ 370 ਅਤੇ 35-ਏ ਖਤਮ ਕਰਨ ਤੋਂ ਬਾਅਦ ਹਾਲਾਤ ਨਾਲ ਨਜਿੱਠਣ ਲਈ ਅੰਮ੍ਰਿਤਸਰ ਬਾਰਡਰ ਰੇਂਜ ਪੁਲਸ ਵਲੋਂ ਜਾਰੀ ਕੀਤੇ ਗਏ ਰੈੱਡ ਅਲਰਟ ‘ਚ ਸਰਹੱਦੀ ਰੇਂਜ ਅਨੁਸਾਰ ਆਉਂਦੇ 5 ਪੁਲਸ ਜ਼ਿਲਿਆਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਇਸ ਦੌਰਾਨ ਵਿਵਸਥਾ ਨੂੰ ਹੋਰ ਜ਼ਿਆਦਾ ਪੁਖਤਾ ਬਣਾਉਣ ਲਈ ਇਕ ਲੱਖ ਤੋਂ ਵੱਧ ਡੇਪੋ ਫੀਲਡ ‘ਚ ਤਾਇਨਾਤ ਕਰ ਦਿੱਤੇ ਗਏ ਹਨ। ਇਸ ਸਬੰਧੀ ਆਈ. ਜੀ. ਬਾਰਡਰ ਰੇਂਜ ਸੁਰਿੰਦਰਪਾਲ ਸਿੰਘ ਪਰਮਾਰ ਨੇ ਦੱਸਿਆ ਕਿ 5 ਪੁਲਸ ਜ਼ਿਲਿਆਂ ਜਿਨ੍ਹਾਂ ਦੀਆਂ ਸਰਹੱਦਾਂ ਲਗਭਗ 300 ਕਿਲੋਮੀਟਰ ਦੇ ਕਰੀਬ ਹਨ, ‘ਚ ਤਰਨਤਾਰਨ ਤੋਂ ਅੰਮ੍ਰਿਤਸਰ ਦਿਹਾਤੀ, ਬਟਾਲਾ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲੇ ਆਉਂਦੇ ਹਨ, ਜਿਥੇ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।

ਰੈੱਡ ਅਲਰਟ ‘ਚ ਵੱਧਦੀਆਂ ਹਨ ਪੁਲਸ ਦੀਆਂ ਸਰਗਰਮੀਆਂ: ਆਮ ਅਲਰਟ ‘ਚ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ, ਬਾਹਰ ਦੇ ਰਾਜਾਂ ਨਾਲ ਇੰਟਰ-ਡਿਸਟ੍ਰਿਕਟ ਚੈਕਿੰਗ ਦੇ ਨਾਲ-ਨਾਲ ਆਮ ਤੌਰ ‘ਤੇ ਭੀੜ ਅਤੇ ਜ਼ਿਆਦਾ ਲੋਕਾਂ ਨੂੰ ਇਕੱਠੇ ਨਾ ਹੋਣ ਦੇਣ ਆਦਿ ਸ਼ਾਮਲ ਹੁੰਦੇ ਹਨ, ਉਥੇ ਰੈੱਡ ਅਲਰਟ ‘ਚ ਸਬੰਧਤ ਖੇਤਰਾਂ ਦੇ ਹੋਟਲ, ਰੈਸਟੋਰੈਂਟ, ਬਾਰ ਅਤੇ ਹੋਰ ਸਥਾਨਾਂ ਨੂੰ ਚੈੱਕ ਕੀਤਾ ਜਾਂਦਾ ਹੈ, ਜਿਥੇ ਕਿਸੇ ਲੁਕਣ ਦੇ ਟਿਕਾਣੇ ਬਣੇ ਹੋਣ। ਇਸ ਵਿਚ ਪੁਲਸ ਦੀਆਂ ਸਰਗਰਮੀਆਂ ਕਾਫੀ ਵੱਧ ਹੁੰਦੀਆਂ ਹਨ। ਇਸ ਉਪਰੰਤ ਰੈੱਡ ਅਲਰਟ ‘ਚ ਪੁਲਸ ਕੋਲ ਸਭ ਤੋਂ ਵੱਧ ਸ਼ਕਤੀਆਂ ਹੁੰਦੀਆਂ ਹਨ।

1 ਲੱਖ ਤੋਂ ਵੱਧ ਡੇਪੋ ਕਰ ਰਹੇ ਹਨ ਬਾਰਡਰ ਰੇਂਜ ‘ਚ ਕੰਮ: ਵਿਵਸਥਾ ਨੂੰ ਹੋਰ ਵੱਧ ਪੁਖਤਾ ਬਣਾਉਣ ਲਈ ਬਾਰਡਰ ਰੇਂਜ ਪੁਲਸ ਵਲੋਂ ਆਪਣੇ ਸਰਹੱਦੀ ਖੇਤਰਾਂ ‘ਚ ਆਉਂਦੇ 5 ਜ਼ਿਲਿਆਂ ਤੋਂ 1,05,694 ਡੇਪੋ ਕੰਮ ਕਰ ਰਹੇ ਹਨ। ਪੁਲਸ ਵਲੋਂ ਬਣਾਏ ਗਏ ਡਰੱਗ ਐਬਿਊਜ਼ ਪ੍ਰੀਵੈਂਸ਼ਨ ਆਫੀਸ਼ੀਅਲ (ਡੇਪੋ) ‘ਚ ਸਮਾਜ ਦੇ ਸਰਗਰਮ ਲੋਕ ਜਿਨ੍ਹਾਂ ‘ਚ ਡਾਕਟਰ, ਵਕੀਲ, ਸਮਾਜ ਸੇਵਕ, ਕਿਸਾਨ, ਸੇਵਾਮੁਕਤ ਫੌਜੀ ਅਤੇ ਪੁਲਸ ਅਧਿਕਾਰੀ ਹੁੰਦੇ ਹਨ, ਜੋ ਕਾਨੂੰਨ ਅਤੇ ਵਿਵਸਥਾ ਦੀ ਅਹਿਮੀਅਤ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਨਿਯੁਕਤ ਕੀਤੇ ਗਏ ਡੇਪੋ ਜ਼ਿਲਿਆਂ ਦੇ ਐੱਸ. ਐੱਸ. ਪੀ. ਦੀ ਸਿੱਧੀ ਪਹੁੰਚ ਅਤੇ ਨਿਗਰਾਨੀ ‘ਚ ਹੁੰਦੇ ਹਨ।

ਆਈ. ਜੀ. ਬਾਰਡਰ ਰੇਂਜ ਸੁਰਿੰਦਰਪਾਲ ਸਿੰਘ ਪਰਮਾਰ ਨੇ ਦੱਸਿਆ ਕਿ ਇਸ ਸਮੇਂ ਡੇਪੋ 5 ਜ਼ਿਲਿਆਂ ਦੇ ਐੱਸ. ਐੱਸ. ਪੀ. ਦੇ ਨਾਲ ਪੂਰੀ ਤਰ੍ਹਾਂ ਆਪਣਾ ਫਰਜ਼ ਨਿਭਾ ਰਹੇ ਹਨ, ਜਿਨ੍ਹਾਂ ‘ਚ ਅੰਮ੍ਰਿਤਸਰ ਦਿਹਾਤੀ ‘ਚ 40795 (ਐੱਸ. ਐੱਸ. ਪੀ. ਵਿਕਰਮਜੀਤ ਦੁੱਗਲ), ਤਰਨਤਾਰਨ ਪੁਲਸ ਜ਼ਿਲੇ ‘ਚ 2512 (ਐੱਸ. ਐੱਸ. ਪੀ. ਧਰੁਵ ਦਹੀਆ), ਬਟਾਲਾ ਪੁਲਸ ਜ਼ਿਲੇ ‘ਚ 14300 (ਐੱਸ. ਐੱਸ. ਪੀ. ਉਪਿੰਦਰਜੀਤ ਸਿੰਘ ਘੁੰਮਣ), ਪਠਾਨਕੋਟ ਪੁਲਸ ਜ਼ਿਲੇ ‘ਚ 12443 (ਐੱਸ. ਐੱਸ. ਪੀ. ਦੀਪਕ ਹਿਲੋਰੀ) ਅਤੇ ਗੁਰਦਾਸਪੁਰ ਜ਼ਿਲੇ ‘ਚ 13144 ਡੇਪੋ (ਐੱਸ. ਐੱਸ. ਪੀ. ਸਵਰਣਦੀਪ ਸਿੰਘ) ਸਰਗਰਮ ਹਨ, ਜਿਨ੍ਹਾਂ ਦੀ ਨਿਯੁਕਤੀ ਵੀ ਬਾਰਡਰ ਰੇਂਜ ਪੁਲਸ ਨੇ ਹੀ ਕੀਤੀ ਹੈ। ਵਰਣਨਯੋਗ ਹੈ ਕਿ ਸਭ ਤੋਂ ਵੱਧ ਪ੍ਰਭਾਵਿਤ ਖੇਤਰ ਮਜੀਠਾ ਪੁਲਸ ਜ਼ਿਲੇ ‘ਚ ਡੇਪੋ ਨੂੰ ਸਰਗਰਮ ਕਰਨ ‘ਚ ਤਤਕਾਲੀਨ ਐੱਸ. ਐੱਸ. ਪੀ. ਪਰਮਪਾਲ ਸਿੰਘ ਦੀ ਪ੍ਰਮੁੱਖ ਭੂਮਿਕਾ ਸੀ, ਜਿਸ ਕਾਰਣ ਇਨ੍ਹਾਂ ਖੇਤਰਾਂ ‘ਚ ਪੁਲਸ ਨੂੰ ਮੁਲਜ਼ਮਾਂ ਦੇ ਗੜ੍ਹ ਤੋੜਨ ‘ਚ ਕਾਫ਼ੀ ਮਦਦ ਮਿਲੀ ਸੀ।

ਦੂਜੇ ਸੂਬਿਆਂ ਤੋਂ ਆਉਣ-ਜਾਣ ਵਾਲੀਆਂ ਬੱਸਾਂ ਦੀ ਚੈਕਿੰਗ: ਸਰਹੱਦੀ ਰੇਂਜ ਪੁਲਸ ਪੰਜਾਬ ਨਾਲ ਲੱਗਦੇ ਸੂਬਿਆਂ ਤੋਂ ਆਉਣ ਵਾਲੇ ਵਾਹਨਾਂ ਦੇ ਨਾਲ-ਨਾਲ ਵਿਸ਼ੇਸ਼ ਤੌਰ ‘ਤੇ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ‘ਚ ਆਉਣ-ਜਾਣ ਵਾਲੇ ਮਾਲ ਦੀ ਚੈਕਿੰਗ ਵੀ ਕਰੇਗੀ। ਹਾਲਾਂਕਿ ਬੱਸਾਂ ਆਦਿ ‘ਚ ਮਾਲ ਚੈੱਕ ਕਰਨ ਲਈ ਟੈਕਸੇਸ਼ਨ ਵਿਭਾਗ ਹੀ ਜ਼ਿਆਦਾ ਸਰਗਰਮ ਹੁੰਦਾ ਹੈ ਪਰ ਇਤਰਾਜ਼ਯੋਗ ਚੀਜ਼ਾਂ ਦੀ ਟੋਹ ਲੈਣ ਲਈ ਪੰਜਾਬ ਪੁਲਸ ਸਿੱਧਾ ਦਖਲ ਕਰੇਗੀ।

Leave a Reply

Your email address will not be published. Required fields are marked *