ਪੰਜਾਬ ‘ਚ ਹੁਣ ਫਿਰ ਇਸ ਦਿਨ ਹੋਵੇਗਾ ਚੱਕਾ ਜਾਮ

ਬੱਸ ਸਟੈਂਡ ‘ਤੇ 3 ਅਕਤੂਬਰ ਨੂੰ ਵਾਪਰੇ ਗੋਲੀਕਾਂਡ ‘ਚ ਮਿੰਨੀ ਬੱਸ ਆਪ੍ਰੇਟਰ ਵਰਕਰਜ਼ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਬੱਬੂ ‘ਤੇ ਨਾਜਾਇਜ਼ ਪੁਲਸ ਕੇਸ ਦਰਜ ਕੀਤੇ ਜਾਣ ਦੇ ਵਿਰੋਧ ‘ਚ ਪਿਛਲੇ ਦਿਨਾਂ ਤੋਂ ਸੰਘਰਸ਼ ਕਰ ਰਹੇ ਬੱਸਾਂ ਵਾਲਿਆਂ ਨੇ ਅੱਜ ਸਥਾਨਕ ਬੱਸ ਸਟੈਂਡ ਵਿਖੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਜਿਸ ਤੋਂ ਬਾਅਦ ਉਨ੍ਹਾਂ 16 ਅਕਤੂਬਰ ਨੂੰ ਪੰਜਾਬ ‘ਚ ਮੁਕੰਮਲ ਤੌਰ ‘ਤੇ ਚੱਕਾ ਜਾਮ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਦਿਨ ਤੋਂ ਹੀ ਅੰਮ੍ਰਿਤਸਰ ‘ਚ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਵੀ ਸ਼ੁਰੂ ਹੋਵੇਗੀ, ਜੋ ਕਿ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਪ੍ਰਧਾਨ ਬੱਬੂ ਨੂੰ ਰਿਹਾਅ ਨਹੀਂ ਕਰ ਦਿੱਤਾ ਜਾਂਦਾ।

ਇਸ ਮੌਕੇ ਏਟਕ ਦੇ ਸੂਬਾ ਸਕੱਤਰ ਅਮਰਜੀਤ ਸਿੰਘ ਆਂਸਲ ਤੇ ਮਿੰਨੀ ਬੱਸ ਆਪ੍ਰੇਟਰ ਵਰਕਰਜ਼ ਯੂਨੀਅਨ ਦੇ ਉਪ ਚੇਅਰਮੈਨ ਸ਼ੇਰ ਸਿੰਘ ਚੋਗਾਵਾਂ ਨੇ ਕਿਹਾ ਕਿ ਪ੍ਰਧਾਨ ਬਲਦੇਵ ਸਿੰਘ ਬੱਬੂ ਆਪ੍ਰੇਟਰਾਂ ਤੇ ਵਰਕਰਾਂ ਦੇ ਹੱਕਾਂ ਲਈ ਹਰ ਥਾਂ ਡਟ ਕੇ ਖੜ੍ਹਾ ਹੁੰਦਾ ਹੈ, ਜਿਸ ਕਾਰਨ ਉਹ ਕੁਝ ਵੱਡੇ ਟਰਾਂਸਪੋਰਟਰਾਂ ਦੀਆਂ ਅੱਖਾਂ ‘ਚ ਰੜਕਦਾ ਸੀ। ਜਿਨ੍ਹਾਂ ਦੇ ਇਸ਼ਾਰੇ ‘ਤੇ ਅੰਮ੍ਰਿਤਸਰ ਪੁਲਸ ਨੇ ਉਸ ਨੂੰ ਗੋਲੀਕਾਂਡ ਕੇਸ ‘ਚ ਨਾਜਾਇਜ਼ ਤੌਰ ‘ਤੇ ਫਸਾ ਦਿੱਤਾ ਹੈ ਪਰ ਅਸੀਂ ਪੁਲਸ ਦੇ ਮਾੜੇ ਮਨਸੂਬਿਆਂ ਨੂੰ ਸਫਲ ਨਹੀਂ ਹੋਣ ਦਿਆਂਗੇ। ਉਨ੍ਹਾਂ ਕਿਹਾ ਕਿ 6 ਅਕਤੂਬਰ ਦਾ ਧਰਨਾ ਤਾਂ ਪੁਲਸ ਦੇ ਉੱਚ ਅਧਿਕਾਰੀਆਂ ਦੇ ਭਰੋਸੇ ‘ਤੇ ਚੁੱਕ ਦਿੱਤਾ ਗਿਆ ਸੀ ਪਰ ਹੁਣ ਆਰੰਭਿਆ ਸੰਘਰਸ਼ ਉਦੋਂ ਹੀ ਸ਼ਾਂਤ ਹੋਵੇਗਾ, ਜਦੋਂ ਪ੍ਰਧਾਨ ਬੱਬੂ ਸਾਡੇ ‘ਚ ਆ ਜਾਵੇਗਾ।

ਇਸ ਮੌਕੇ ਅੰਮ੍ਰਿਤਸਰ-ਗੁਰਦਾਸਪੁਰ ਬੱਸ ਯੂਨੀਅਨ ਦੇ ਪ੍ਰਧਾਨ ਚੌਧਰੀ ਅਸ਼ੋਕ ਕੁਮਾਰ ਮੰਨਣ, ਆਲ ਪ੍ਰਾਈਵੇਟ ਟਰਾਂਸਪੋਰਟ ਵਰਕਰਜ਼ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਕੁਲਦੀਪ ਸਿੰਘ, ਲੱਖਾ ਸਿੰਘ ਸਰਾਂ ਤੇ ਬਲਬੀਰ ਸਿੰਘ ਸਮੇਤ ਹੋਰ ਵੀ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਬੱਸਾਂ ਵਾਲਿਆਂ ਦੇ ਇਸ ਸੰਘਰਸ਼ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਸਮੇਂ ਰੋਸ ਪ੍ਰਦਰਸ਼ਨ ਕਰਨ ਵਾਲਿਆਂ ‘ਚ ਮਿੰਨੀ ਬੱਸ ਯੂਨੀਅਨ ਦੇ ਚੇਅਰਮੈਨ ਪੰਜਾਬ ਬਲਵਿੰਦਰ ਸਿੰਘ ਬਹਿਲਾ, ਸੀਨੀਅਰ ਮੀਤ ਪ੍ਰਧਾਨ ਜਗਜੀਤ ਸਿੰਘ, ਬਲਵਿੰਦਰ ਸਿੰਘ ਮੱਲ੍ਹੀ, ਹਰਪਿੰਦਰ ਸਿੰਘ ਮਾਨ,

ਹਰਜੀਤ ਸਿੰਘ ਝਬਾਲ, ਸੁਖਬੀਰ ਸਿੰਘ ਸੋਹਲ, ਸਰਬਜੀਤ ਸਿੰਘ ਤਰਸਿੱਕਾ, ਜਸਵਿੰਦਰ ਸਿੰਘ ਪਾਂਧਾ, ਜਗਜੀਤ ਸਿੰਘ ਭਕਨਾ, ਸੋਨੂੰ ਨਿਸ਼ਾਂਤ, ਸਤਿੰਦਰ ਸਿੰਘ, ਦਵਿੰਦਰ ਸਿੰਘ ਸਚਦੇਵਾ, ਜੰਗ ਬਹਾਦਰ ਸਿੰਘ, ਲੱਖਾ ਸਿੰਘ ਝੰਗ, ਨਿਰਮਲ ਸਿੰਘ ਕੋਟਲਾ ਬਾਮਾ, ਜਗਰੂਪ ਸਿੰਘ, ਲੱਖਾ ਸਿੰਘ ਚੋਗਾਵਾਂ ਤੇ ਸੁਖਵਿੰਦਰ ਸਿੰਘ ਨੇ ਸਾਂਝੇ ਤੌਰ ‘ਤੇ ਕਿਹਾ ਕਿ ਪੰਜਾਬ ਬੰਦ ਦੌਰਾਨ ਪੁਲਸ ਪ੍ਰਸ਼ਾਸਨ ਨੂੰ ਸਾਡੀ ਏਕਤਾ, ਸਬਰ ਅਤੇ ਤਾਕਤ ਦਾ ਅੰਦਾਜ਼ਾ ਲੱਗ ਜਾਵੇਗਾ, ਜਿਸ ਤੋਂ ਬਾਅਦ ਪੁਲਸ ਬੱਸ ਯੂਨੀਅਨ ਦੇ ਨੁਮਾਇੰਦਿਆਂ ਨਾਲ ਵਧੀਕੀ ਕਰਨ ਤੋਂ ਪਹਿਲਾਂ ਕਈ ਵਾਰ ਸੋਚੇਗੀ।

Leave a Reply

Your email address will not be published. Required fields are marked *