ਬਾਦਲ ਨੇ ਦੱਸਿਆ ਕਿਸਨੇ ਖੁਲਵਾਇਆ ਕਰਤਾਰਪੁਰ ਸਾਹਿਬ ਦਾ ਲਾਂਘਾ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਏ। ਉਨ੍ਹਾਂ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਿਹਾ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹੇ ਜਾਣ ਵਿੱਚ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਕੋਈ ਰੋਲ ਨਹੀਂ ਹੈ। ਇਹ ਲਾਂਘਾ ਤਾਂ ਸੰਗਤ ਦੀਆਂ ਅਰਦਾਸਾਂ ਸਦਕਾ ਹੀ ਖੁੱਲ੍ਹਣ ਜਾ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਕਿਸੇ ਦੀ ਨਿੰਦਿਆ ਨਹੀਂ ਕਰਨਗੇ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਗੱਲੋਂ ਖੁਸ਼ੀ ਪ੍ਰਗਟ ਕੀਤੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 500 ਵਾਂ ਅਤੇ 550 ਵਾਂ ਪ੍ਰਕਾਸ਼ ਉਤਸਵ ਉਨ੍ਹਾਂ ਦੇ ਜੀਵਨ ਵਿੱਚ ਹੀ ਆਇਆ ਹੈ। ਇਸ ਤੋਂ ਬਿਨਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਉਨ੍ਹਾਂ ਦੇ ਜੀਵਨ ਵਿੱਚ ਹੀ ਖੁੱਲ੍ਹ ਰਿਹਾ ਹੈ। ਇਸ ਲਾਂਘੇ ਦੇ ਖੁੱਲ੍ਹਣ ਦੀ ਉਨ੍ਹਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੈ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਵਿੱਚ ਨਵਜੋਤ ਸਿੰਘ ਸਿੱਧੂ ਦਾ ਕੋਈ ਰੋਲ ਨਹੀਂ ਹੈ। ਸਗੋਂ ਇਹ ਤਾਂ ਸੰਗਤ ਦੀਆਂ ਅਰਦਾਸਾਂ ਸਦਕਾ ਹੀ ਹੋਇਆ ਹੈ। ਹਰਿਮੰਦਰ ਸਾਹਿਬ ਵਿਖੇ ਬੀਬੀਆਂ ਦੁਆਰਾ ਕੀਰਤਨ ਕੀਤੇ ਜਾਣ ਦੀ ਮੰਗ ਬਾਰੇ ਪਾਸ ਹੋਏ ਮਤੇ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੀ ਕੋਈ ਫ਼ੈਸਲਾ ਕਰ ਸਕਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਸਬੰਧੀ ਕਰਵਾਏ ਜਾ ਰਹੇ ਪ੍ਰੋਗਰਾਮਾਂ ਤੇ ਸ਼੍ਰੋਮਣੀ ਕਮੇਟੀ ਪੰਜਾਬ ਸਰਕਾਰ ਵੱਲੋਂ ਲਗਾਈਆਂ ਗਈਆਂ ਵੱਖਰੀਆਂ ਵੱਖਰੀਆਂ ਸਟੇਜਾਂ ਬਾਰੇ ਉਨ੍ਹਾਂ ਦਾ ਵਿਚਾਰ ਹੈ ਕਿ ਸ਼੍ਰੋਮਣੀ ਕਮੇਟੀ ਲੋਕਾਂ ਦੀ ਧਾਰਮਿਕ ਮਸਲਿਆਂ ਲਈ ਚੁਣੀ ਹੋਈ ਸੰਸਥਾ ਹੈ। ਇਸ ਲਈ ਜੋ ਕੰਮ ਸ਼੍ਰੋਮਣੀ ਕਮੇਟੀ ਨੇ ਕਰਨਾ ਹੈ। ਉਹ ਸ਼੍ਰੋਮਣੀ ਕਮੇਟੀ ਹੀ ਕਰ ਸਕਦੀ ਹੈ।

ਜਦ ਕਿ ਸਰਕਾਰ ਦਾ ਆਪਣਾ ਕੰਮ ਹੈ। ਉਨ੍ਹਾਂ ਦਾ ਵਿਚਾਰ ਹੈ ਕਿ ਜਿਸ ਤਰ੍ਹਾਂ ਸਰਕਾਰ ਵੱਲੋਂ ਸਾਂਝਾ ਸੈਸ਼ਨ ਸੱਦਿਆ ਗਿਆ ਹੈ ਉਹ ਗਏ ਸਨ। ਇਸ ਤਰ੍ਹਾਂ ਹੀ ਸਰਕਾਰ ਨੂੰ ਵੀ ਸ਼੍ਰੋਮਣੀ ਕਮੇਟੀ ਨਾਲ ਮਿਲ ਕੇ ਪ੍ਰੋਗਰਾਮ ਕਰ ਲੈਣਾ ਚਾਹੀਦਾ ਹੈ। ਪ੍ਰਕਾਸ਼ ਸਿੰਘ ਬਾਦਲ ਦੇ ਦੱਸਣ ਅਨੁਸਾਰ ਜਦੋਂ ਵੀ ਕੇਂਦਰ ਸਰਕਾਰ ਚਾਹੇਗੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾ ਲਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਪਰਮਜੀਤ ਸਿੰਘ ਸਰਨਾ ਨੂੰ ਪਾਕਿਸਤਾਨ ਜਾਣ ਤੋਂ ਉਨ੍ਹਾਂ ਨੇ ਨਹੀਂ ਰੋਕਿਆ। ਨਵਜੋਤ ਸਿੰਘ ਸਿੱਧੂ ਵੀ ਜਾ ਰਹੇ ਹਨ। ਉਹ ਕਰਤਾਰਪੁਰ ਸਾਹਿਬ ਮੱਥਾ ਟੇਕਣ ਜਾ ਰਹੇ ਹਨ ਅਤੇ ਮੋਦੀ ਵੀ ਜਾ ਰਹੇ ਹਨ। ਉਹ ਮੋਦੀ ਅੱਗੇ ਕੋਈ ਮੰਗ ਨਹੀਂ ਰੱਖਣਗੇ।

Leave a Reply

Your email address will not be published. Required fields are marked *