ਬਾਸਮਤੀ ਲਗਾਉਣ ਵਾਲੇ ਕਿਸਾਨਾਂ ਵਾਸਤੇ ਚੰਗੀ ਖਬਰ

ਬਾਸਮਤੀ, ਜਿਸ ਨੂੰ ਪੰਜਾਬ ਸਰਕਾਰ ਨੇ ਸ਼ੁਰੂ–ਸ਼ੁਰੂ ‘ਚ ਆਪਣੇ ਫ਼ਸਲੀ–ਵਿਭਿੰਨਤਾ ਨੀਤੀ ‘ਚ ਅਣਗੌਲਿਆ ਜਿਹਾ ਕੀਤਾ ਹੋਇਆ ਸੀ, ਹੁਣ ਅਹਿਮ ਥਾਂ ਦਿੱਤੀ ਗਈ ਹੈ | ਫ਼ਸਲੀ–ਵਿਭਿੰਨਤਾ ‘ਚ ਬਾਸਮਤੀ ਤੋਂ ਇਲਾਵਾ ਕਿਸੇ ਹੋਰ ਫ਼ਸਲ ਭਾਵੇਂ ਮੱਕੀ ਹੋਵੇ ਜਾਂ ਸੋਇਆਬੀਨ ਨੂੰ ਸਫਲਤਾ ਨਹੀਂ ਮਿਲੀ | ਇਸ ਸਾਲ ਬਾਸਮਤੀ ਦੀ ਕਾਸ਼ਤ ਦਾ ਟੀਚਾ 5 ਲੱਖ ਹੈਕਟੇਅਰ ਰੱਖਿਆ ਗਿਆ ਹੈ ਭਾਵੇਂ ਕਿਸਾਨਾਂ ਦਾ ਉਤਸ਼ਾਹ ਵੇਖਦਿਆਂ ਰਕਬਾ ਇਸ ਤੋਂ ਵਧ ਜਾਣ ਦੀ ਸੰਭਾਵਨਾ ਹੈ |

ਪੂਸਾ ਬਾਸਮਤੀ 1728 ਤੇ ਪੂਸਾ ਬਾਸਮਤੀ 1718 ਜਿਹੀਆਂ ਕਿਸਮਾਂ ਵਿਕਸਿਤ ਹੋਣ ਅਤੇ ਪਿਛਲੇ ਸਾਲ ਲਾਹੇਵੰਦ ਭਾਅ ਮਿਲਣ ਨਾਲ ਇਸ ਦੇ ਮੁੜ 7.5 ਲੱਖ ਹੈਕਟੇਅਰ ਨੂੰ ਛੂਹ ਜਾਣ ਦਾ ਅਨੁਮਾਨ ਹੈ | ਪੰਜਾਬ ਸਰਕਾਰ ਕਿਸਾਨਾਂ ਵਲੋਂ ਪੈਦਾ ਕੀਤੀ ਗਈ ਬਾਸਮਤੀ ਦੇ ਮੁਕੰਮਲ ਮੰਡੀਕਰਨ ਦਾ ਪ੍ਰਬੰਧ ਕਰਨ ਜਾ ਰਹੀ ਹੈ |

ਇਸ ਸਬੰਧੀ 4 ਮਹੀਨੇ ਲਈ ਕੁਆਰਡੀਨੇਟਰ ਵੀ ਨੀਯਤ ਕੀਤੇ ਜਾਣਗੇ ਜੋ ਕੈਂਪਾਂ, ਸਰਵੇਖਣਾਂ ਅਤੇ ਸੰਪਰਕ, ਰਾਹੀਂ ਕਿਸਾਨਾਂ ਨੂੰ ਸਿਫ਼ਾਰਸ਼ ਕੀਤੀਆਂ ਜਾ ਰਹੀਆਂ ਤਕਨੀਕਾਂ ਦੀ ਜਾਣਕਾਰੀ ਦੇਣਗੇ ਅਤੇ ਅਪੀਡਾ ਵਲੋਂ ਮੁਹੱਈਆ ਕੀਤੇ ਜਾ ਰਹੇ ਸਾਫ਼ਟ ਵੇਅਰਾਂ ਤੇ ਕਿਸਾਨਾਂ ਨੂੰ ਰਜਿਸਟਰ ਕਰਨਗੇ | ਖੇਤੀਬਾੜੀ ਵਿਭਾਗ ਵਲੋਂ ਹਰ ਉਤਪਾਦਕ ਨਾਲ ਸੰਪਰਕ ਰੱਖ ਕੇ ਸਮੇਂ-ਸਮੇਂ ਜਾਣਕਾਰੀ ਦਿੱਤੀ ਜਾਵੇਗੀ | ਇਸ ਸਾਲ 44.15 ਲੱਖ ਟਨ ਬਾਸਮਤੀ ਬਰਾਮਦ ਕੀਤੀ ਗਈ |

ਜਿਸ ‘ਚ ਪੰਜਾਬ–ਹਰਿਆਣਾ ਦਾ 70–75 ਪ੍ਰਤੀਸ਼ਤ ਯੋਗਦਾਨ ਹੈ | 2017-18 ਦੇ ਮੁਕਾਬਲੇ 5 ਲੱਖ ਟਨ ਬਾਸਮਤੀ ਵੱਧ ਬਰਾਮਦ ਹੋਈ | ਆਲ–ਇੰਡੀਆ ਰਾਈਸ ਐਕਸਪੋਰਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਪੰਜਾਬ–ਹਰਿਆਣਾ ਦੇ ਨਾਮਵਰ ਐਕਸਪੋਰਟਰ ਵਿਜੇ ਸੇਤੀਆ ਅਨੁਸਾਰ 45 ਲੱਖ ਟਨ ਦੀ ਬਰਾਮਦ ਮੰਡੀ ਕਾਇਮ ਹੋ ਗਈ ਹੈ | ਖਾੜੀ ਦੇ ਦੇਸ਼ਾਂ ‘ਚ ਭਾਰਤ ਦੀ ਬਾਸਮਤੀ ਦੀ ਪਹਿਚਾਣ ਵੱਧ ਗਈ ਹੈ |

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਸੁਤੰਤਰ ਕੁਮਾਰ ਐਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੀ ਕਿਸਾਨਾਂ ਦੀ ਫ਼ਸਲ ਦੇ ਮੰਡੀਕਰਨ ਨੂੰ ਯਕੀਨੀ ਬਣਾਏਗੀ | ਜ਼ਹਿਰਾਂ ਤੋਂ ਮੁਕਤ ਰੱਖਣ ਲਈ ਵਿਭਾਗ ਵਲੋਂ ਆਈ.ਪੀ.ਐਮ. ਤਕਨਾਲੋਜੀ ਦਾ ਪ੍ਰਯੋਗ ਕੀਤਾ ਜਾਵੇਗਾ ਤਾਂ ਜੋ ਜ਼ਹਿਰਾਂ ਦੀ ਰਹਿੰਦ–ਖੂੰਹਦ ਸੀਮਾ ਤੋਂ ਵੱਧ ਨਾ ਰਹੇ |

Leave a Reply

Your email address will not be published. Required fields are marked *