ਯੂਰਪ ਚ ਵਾਪਰਿਆ ਕਹਿਰ, ਪੰਜਾਬ ਚ ਛਾਇਆ ਸੋਗ

ਇਟਲੀ ਦੇ ਪਾਵੀਆ ‘ਚ ਪੰਜਾਬੀ ਮੂਲ ਦੇ ਚਾਰ ਲੋਕਾਂ ਦੀ ਡੇਅਰੀ ਫਾਰਮ ‘ਤੇ ਕੰਮ ਕਰਦਿਆਂ ਗੋਬਰ ਦੇ ਟੈਂਕ ‘ਚ ਡਿੱਗਣ ਕਾਰਣ ਮੌਤ ਹੋ ਗਈ, ਜਿਨ੍ਹਾਂ ‘ਚੋਂ ਇਕ ਨੌਜਵਾਨ ਜ਼ਿਲਾ ਹੁਸ਼ਿਆਰਪੁਰ ਦੇ ਹਲਕਾ ਉੜਮੁੜ ਦੇ ਬਲਾਕ ਟਾਂਡਾ ਅਧੀਨ ਪੈਂਦੇ ਪਿੰਡ ਕੁਰਾਲਾ ਖੁਰਦ ਦਾ ਸੀ। ਮ੍ਰਿਤਕ ਦੀ ਪਛਾਣ ਹਰਮਿੰਦਰ ਸਿੰਘ (29) ਪੁੱਤਰ ਬਖਸ਼ੀਸ਼ ਸਿੰਘ ਵਾਸੀ ਕੁਰਾਲਾ ਖੁਰਦ, ਥਾਣਾ ਟਾਂਡਾ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਮਿੰਦਰ ਸਿੰਘ ਦੋ ਸਾਲ ਪਹਿਲਾਂ ਕੰਮਕਾਜ ਲਈ ਇਟਲੀ ਗਿਆ ਸੀ ਅਤੇ ਉੱਤਰੀ ਇਟਲੀ ਦੇ ਪਾਵੀਆ ਨੇੜੇ ਬਣੇ ਇਕ ਡੇਅਰੀ ਫਾਰਮ ‘ਤੇ ਕੰਮ ਕਰਦਾ ਸੀ।

ਵੀਰਵਾਰ ਨੂੰ ਕੰਮ ਦੌਰਾਨ ਉਹ ਆਪਣੇ 3 ਸਾਥੀਆਂ ਨਾਲ ਗੋਬਰ ਦੇ ਟੈਂਕ ਵਿਚ ਡਿੱਗ ਗਿਆ। ਗੋਬਰ ਵਿਚ ਡਿੱਗਣ ਤੋਂ ਬਾਅਦ ਕਾਰਬਨ ਡਾਇਆਕਸਾਈਡ ਗੈਸ ਦੇ ਜ਼ਿਆਦਾ ਪ੍ਰਭਾਵ ਕਾਰਨ ਚਾਰਾਂ ਦੀ ਮੌਤ ਹੋ ਗਈ। ਹਰਮਿੰਦਰ ਦੇ ਪਰਿਵਾਰਕ ਮੈਂਬਰਾਂ ਨੂੰ ਉਸ ਦੀ ਮੌਤ ਦੀ ਜਾਣਕਾਰੀ ਇਟਲੀ ਵਿਚ ਰਹਿੰਦੇ ਉਸ ਦੇ ਤਾਏ ਦੇ ਲੜਕੇ ਪਰਮਜੀਤ ਸਿੰਘ ਨੇ ਫੋਨ ‘ਤੇ ਦਿੱਤੀ। ਹਰਮਿੰਦਰ ਦੀ ਮੌਤ ਦੀ ਖਬਰ ਮਿਲਦਿਆਂ ਹੀ ਇਲਾਕੇ ‘ਚ ਸੋਗ ਦੀ ਲਹਿਰ ਫੈਲ ਗਈ।

ਜ਼ਿਕਰਯੋਗ ਹੈ ਕਿ ਹਰਮਿੰਦਰ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਉਹ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਰੋਂਦਿਆਂ ਵਿਲਕਦਿਆਂ ਉਸ ਦੀ ਮਾਤਾ ਬਲਵਿੰਦਰ ਕੌਰ ਨੇ ਦੱਸਿਆ ਕਿ ਇਸੇ ਸਾਲ ਦਸੰਬਰ ‘ਚ ਹਰਮਿੰਦਰ ਦੀ ਵੱਡੀ ਭੈਣ ਦਾ ਵਿਆਹ ਸੀ, ਜਿਸ ‘ਤੇ ਹਰਮਿੰਦਰ ਦਾ ਆਉਣ ਦਾ ਪ੍ਰੋਗਰਾਮ ਸੀ। ਮ੍ਰਿਤਕ ਪਰਿਵਾਰ ਦਾ ਇਕਲੌਤਾ ਕਮਾਊ ਜੀਅ ਸੀ।

Leave a Reply

Your email address will not be published. Required fields are marked *